ਜਿੰਮੀਦਾਰ ਬੰਦੇ
ਰੋਹੀਆਂ ਟਿੱਬੇ ਟੱਪਦੇ ਟੱਪਦੇ ਖੇਤਾਂ ਦੀਆਂ ਵੱਟਾਂ ਤੇ ਮੇਲ੍ਹਦੇ ਸਮਿਆਂ ਦੇ ਖਾਲ ਛਪਾਕ ਕਰਕੇ ਟੱਪ ਗਏ ਆਂ।
ਜਦੋਂ ਬਰਸੀਨ ਵੱਢਦਿਆਂ ਚੇਤਾ ਖੁੰਢ ਤੇ ਚਲਦੀ ਤਾਸ਼ ਦਾ ਬਾਜੀ ਤੇ ਪਹੁੰਚਦੈ ਤਾਂ ਦਾਤੀ ਨਾਲ ਟੁੱਕਿਆ
ਅੰਗੂਠਾ ਸਿਰਫ ਚੂਸਿਆ ਜਾ ਸਕਦੇ।
ਹਲ ਵਾਹੁਦਿਆਂ ਵਾਹੁਦਿਆਂ ਵਾਹਨ ਚ ਟਟਹਿਰੀ ਦੇ ਆਲਣ ਦੇਖ ਕੇ ਮਰਲਾ ਕੁ ਥਾਂ ਮੱਲੋ ਮੱਲੀ ਛੱਡੀ ਜਾਂਦੀ ਐ।
ਨਿੱਕੇ ਹੁੰਦਿਆਂ ਸੂਈ ਮੀਣੀ ਦੀ ਕੱਟੀ ਚਾਵਾਂ ਨਾਲ ਪਾਲ ਕੇ ਭੈਣ ਦੇ ਵਿਆਹ ਤੇ ਜਦੋਂ ਵੇਚਣੀ ਪੈਂਦੀ ਐ ਤਾਂ ਭੁੱਬ ਮੱਲੋ ਮੱਲੀ ਨਿਕਲਦੀ ਐ।
ਕੰਮੀ ਧੰਦੇ ਰੁੱਝਿਆਂ ਦੇ ਬੇਬੇ ਦੀ ਸੰਦੂਕ ਪਈਆਂ ਪੱਗਾਂ ਕੱਲੀਆਂ ਵੈਸਾਖੀ ਨੂੰ ਈ ਜਾਗਦੀਐਂ ।
ਚੇਤੇ ਕਰਨ ਨੂੰ ਤਾਂ ਬੜਾ ਕੁਝ ਐ ਪਰ ਹੁਣ ਖਰੀਂਢ ਪੱਟ ਵੀ ਲਈਏ ਤਾਂ ਉਹ ਲਹੂ ਨੀ ਚੂਸ ਹੋਣਾ।
ਪੱਛੋਂ ਦੀ ਵਾਅ ਨਾਲ ਉੱਡ ਕੇ ਕੁੱਪਾਂ ਦੀਆਂ ਵਿਰਲਾਂ ਚੋਂ ਉੱਡੀ
ਤੂੜੀ ਦੇ ਅੱਖਾਂ ਵਿੱਚ ਪਏ ਕਣ ਰਹਿੰਦੀਆਂ ਪੀੜੀਆਂ ਤੱਕ ਰੜਕਣ ਗੇ
Comments
Post a Comment